Pahalgam Attack: ਦੇਸ਼ ਦੀ ਧੜਕਣ ਅੱਜ ਥਮ ਗਈ ਜਾਪਦੀ ਹੈ। ਪਹਿਲਗਾਮ ਵਿੱਚ ਹੋਏ ਨਿਰਦੋਸ਼ ਲੋਕਾਂ ਉੱਤੇ ਹੋਏ ਹਮਲੇ ਨੇ ਹਰ ਦਿਲ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ। ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਸ਼ਹੀਦਾਂ ਲਈ ਅੰਮ੍ਰਿਤਸਰ ਨਿਵਾਸੀਆਂ ਨੇ ਸ਼ਹਿਰ ਦੀਆਂ ਸੰਸਥਾਵਾਂ ਨਾਲ ਮਿਲ ਕੇ ਅੱਖਾਂ ‘ਚ ਨਮੀ ਤੇ ਦਿਲ ‘ਚ ਦਰਦ ਮਹਿਸੂਸ ਕਰਦਿਆਂ ਸ਼ਹੀਦਾਂ ਦੀ ਯਾਦ ਨੂੰ ਸਨਮਾਨ ਦਿੱਤਾ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੁਆ ਕੀਤੀ।

ਵਾਈਸ ਆਫ ਅੰਮ੍ਰਿਤਸਰ ਵੱਲੋਂ ਫੁਲਕਾਰੀ ਸੰਸਥਾ ਅਤੇ ਰੋਟਰੀ ਕਲੱਬ ਵੈਸਟ ਦੇ ਸਹਿਯੋਗ ਨਾਲ ਪਹਿਲਗਾਮ ਹਮਲੇ ‘ਚ ਆਪਣੀਆਂ ਜਾਨਾਂ ਗਵਾ ਚੁੱਕੇ ਨਿਰਦੋਸ਼ ਲੋਕਾਂ ਦੀ ਯਾਦ ‘ਚ ਇੱਕ ਭਾਵੁਕ ਕੈਂਡਲ ਮਾਰਚ ਕੱਢਿਆ ਗਿਆ।

ਸੰਸਥਾ ਦੇ ਪ੍ਰਧਾਨ ਇੰਦੂ ਅਰੋੜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਹਿਲਗਾਮ ਦੀ ਇਹ ਮੰਦਭਾਗੀ ਘਟਨਾ ਪੂਰੇ ਦੇਸ਼ ਲਈ ਸੋਗ ਦਾ ਕਾਰਨ ਬਣੀ ਹੈ। ਉਨ੍ਹਾਂ ਕਿਹਾ, “ਅੱਜ ਸਾਰਾ ਭਾਰਤ ਗਮਗੀਨ ਹੈ। ਅਸੀਂ ਅੱਜ ਦੇ ਇਸ ਕੈਂਡਲ ਮਾਰਚ ਰਾਹੀਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।”

ਫੁਲਕਾਰੀ ਸੰਸਥਾ ਦੇ ਪ੍ਰਧਾਨ ਮੀਨਾਕਸ਼ੀ ਖੰਨਾ ਅਤੇ ਰੋਟਰੀ ਕਲੱਬ ਵੈਸਟ ਦੇ ਪ੍ਰਧਾਨ ਰੋਟਰੀਅਨ ਰਾਕੇਸ਼ ਕਪਿਲਾ ਨੇ ਵੀ ਮੌਕੇ ‘ਤੇ ਲੋਕਾਂ ਨੂੰ ਏਕਜੁਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਅਜਿਹੀਆਂ ਘੜੀਆਂ ‘ਚ ਸਾਨੂੰ ਇਕੱਠੇ ਹੋਣ ਦੀ ਸਭ ਤੋਂ ਵੱਧ ਲੋੜ ਹੈ, ਤਾਂ ਜੋ ਅਜਿਹੇ ਕਾਲੇ ਦਿਨ ਮੁੜ ਨਾ ਵੇਖਣੇ ਪੈਣ।”

ਇਸ ਮੌਕੇ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ, ਵੋਲੰਟੀਅਰ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ ਅਤੇ ਮੋਮਬੱਤੀਆਂ ਜਗਾ ਕੇ ਸ਼ਹੀਦਾਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਗਈ।

Share This
0
About Author

Social Disha Today

Leave a Reply

Your email address will not be published. Required fields are marked *