ਬੋਲੀਵੁੱਡ ਐਕਟਰ ਸਨੀ ਦਿਓਲ ਦੀ ਫਿਲਮ ਜਾਟ ਵਿੱਚ ਵਿਵਾਦਿਤ ਸੀਨ ਕਰਕੇ ਇਸਾਈ ਭਾਈਚਾਰੇ ਵਿੱਚ ਰੋਸ਼ ਦਾ ਮੁੱਦਾ ਅਜੇ ਠੰਡਾ ਵੀ ਨਹੀਂ ਹੋਇਆ ਸੀ, ਜਿਸ ਵਿੱਚ ਇਸਾਈ ਭਾਈਚਾਰੇ ਨੇ ਫਿਲਮ ਵਿੱਚੋਂ ਚਰਚ ਦਾ ਸੀਨ ਹਟਾਉਣ ਦੀ ਮੰਗ ਰੱਖੀ ਸੀ। ਉਥੇ ਹੀ ਐਕਟਰਾਂ ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਗਈ ਸੀ। ਵਿਵਾਦ ਵਧਣ ਤੋਂ ਬਾਅਦ ਜਾਟ ਫਿਲਮ ਵਿੱਚੋਂ ਚਰਚ ਦੇ ਸੀਨ ਹਟਾਏ ਗਏ ਸਨ ਅਤੇ ਫਿਲਮ ਦੇ ਡਾਇਰੈਕਟਰ ਅਤੇ ਹੋਰ ਕਾਸਟ ਵੱਲੋਂ ਮਾਫੀ ਵੀ ਮੰਗੀ ਗਈ ਸੀ। ਉੱਥੇ ਹੀ ਹੁਣ ਮਸ਼ਹੂਰ ਰੈਪਰ ਬਾਦਸ਼ਾਹ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਦਰਅਸਲ ਬਾਦਸ਼ਾਹ ਦਾ ਹਾਲ ਹੀ ਵਿੱਚ ਨਵਾਂ ਗੀਤ Valvet Flow ਰਿਲੀਜ਼ ਹੋਇਆ ਹੈ।
ਇਸ ਗੀਤ ਨੂੰ ਲੈ ਕੇ ਹੁਣ ਇਸਾਈ ਭਾਈਚਾਰੇ ਵਿੱਚ ਬੇਹਦ ਰੋਸ ਪਾਇਆ ਜਾ ਰਿਹਾ। ਇਸੇ ਦੇ ਚਲਦਿਆਂ ਇਸਾਈ ਭਾਈਚਾਰੇ ਵੱਲੋਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਵਿੱਚ ਉਨਾਂ ਲਿਖਿਆ ਹੈ ਕਿ ਰੈਪਰ ਬਾਦਸ਼ਾਹ ਦੇ ਗੀਤ ਵੈਲਵਟ ਫਲੋ ਵਿੱਚ ਬਾਦਸ਼ਾਹ ਵੱਲੋਂ ਘਰ ਨੂੰ ਚਰਚ ਅਤੇ ਪਾਸਪੋਰਟ ਦੀ ਪਵਿੱਤਰ ਬਾਈਬਲ ਨਾਲ ਤੁਲਨਾ ਕੀਤੀ ਹੈ।
ਇਸਾਈ ਭਾਈਚਾਰੇ ਦਾ ਆਰੋਪ ਹੈ ਕਿ ਇਸ ਗੀਤ ਵਿੱਚ ਪਵਿੱਤਰ ਬਾਈਬਲ ਦੇ ਸ਼ਬਦ ਨੂੰ ਅਸ਼ਲੀਲ ਸ਼ਬਦਾਂ ਨਾਲ ਇਸਤੇਮਾਲ ਕੀਤਾ ਗਿਆ ਹੈ, ਜਿਸ ਕਾਰਨ ਸਮੁੱਚੇ ਈਸਾਈ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ। ਉਨਾਂ ਸੋਸ਼ਲ ਮੀਡੀਆ ਤੋਂ ਇਸ ਗੀਤ ਨੂੰ ਹਟਾਉਣ ਦੀ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ। ਪੰਜਾਬ ਪ੍ਰਧਾਨ ਧਾਰਮਿਕ ਵਿੰਗ ਅਤੇ ਹਿਊਮਨ ਕੇਅਰ ਵੈਲਫੇਅਰ ਸੋਸਾਇਟੀ ਦੇ ਡਾਇਰੈਕਟਰ ਪਾਸਟਰ ਗੌਰਵ ਮਸੀਹ ਗਿੱਲ ਨੇ ਕਿਹਾ ਕਿ ਉਨਾਂ ਦੇ ਮਿੱਤਰ ਵੱਲੋਂ ਫੋਨ ਆਇਆ ਸੀ ਕਿ ਸੋਸ਼ਲ ਮੀਡੀਆ ਉੱਤੇ ਉਹਨਾਂ ਵੱਲੋਂ ਬੋਲੀਵੁੱਡ ਰੈਪਰ ਬਾਦਸ਼ਾਹ ਦਾ ਇੱਕ ਗੀਤ ਵੈਲਵਟ ਫਲੋ ਰਿਲੀਜ਼ ਹੋਇਆ ਜਿਸ ਵਿੱਚ ਮਸੀਹ ਸਮੁਦਾਇ ਦੀ ਪਵਿੱਤਰ ਬਾਈਬਲ ਅਤੇ ਚਰਚ ਦਾ ਨਾਮ ਆਪਣੇ ਗੀਤ ਵਿੱਚ ਗਲਤ ਅਤੇ ਅਪਮਾਨਜਨਕ ਤਰੀਕੇ ਨਾਲ ਲਿਆ ਗਿਆ ਹੈ। ਪਾਸਟਰ ਨੇ ਕਿਹਾ ਕਿ ਜਦੋਂ ਉਨਾਂ ਗੀਤ ਸੁਣਿਆ ਤਾਂ ਵੇਖਿਆ ਕਿ ਇਸ ਨੂੰ ਰੈਪਰ ਬਾਦਸ਼ਾਹ ਨੇ ਗਾਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ “ਘਰ ਲੱਗੇ ਚਰਚ ਅਤੇ ਹੱਥ ਵਿੱਚ ਪਾਸਪੋਰਟ ਜਿਵੇਂ ਬਾਈਬਲ”।
ਉਹਨਾਂ ਕਿਹਾ ਕਿ ਇਸ ਰਾਹੀਂ ਬਾਦਸ਼ਾਹ ਨੇ ਇਹ ਦਰਸ਼ਾਣ ਦੀ ਕੋਸ਼ਿਸ਼ ਕੀਤੀ ਹੈ ਕਿ ਚਰਚ ਦੀ ਪਵਿੱਤਰਤਾ ਨੂੰ ਡਰ ਅਤੇ ਭੈ ਦੀ ਜਗਹਾ ਦੱਸਿਆ ਜਾਵੇ। ਉਹਨਾਂ ਕਿਹਾ ਕਿ ਇਹ ਪੂਰਾ ਗੀਤ ਅਸ਼ਲੀਲਤਾ ਨਾਲ ਭਰਿਆ ਹੋਇਆ ਹੈ। ਇਸ ਗੀਤ ਵਿੱਚ ਅਪੱਤੀਜਨਕ ਸ਼ਬਦ ਵਰਤੇ ਗਏ ਨੇ। ਬਾਦਸ਼ਾਹ ਦੁਆਰਾ ਪਵਿੱਤਰ ਬਾਈਬਲ ਅਤੇ ਚਰਚ ਦਾ ਨਾਮ ਇਸ ਅਸ਼ਲੀਲ ਗੀਤ ਵਿੱਚ ਲੈਣ ਕਾਰਨ ਪੂਰੇ ਮਸੀਹੀ ਭਾਈਚਾਰੇ ਵਿੱਚ ਵੱਡਾ ਰੋਸ ਹੈ। ਉਹਨਾਂ ਕਿਹਾ ਕਿ ਇਸ ਕਾਰਨ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਬਾਦਸ਼ਾਹ ਅਤੇ ਉਨਾਂ ਦੇ ਸਾਥੀਆਂ ਵੱਲੋਂ ਮਸੀਹੀ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਰੈਪਰ ਬਾਦਸ਼ਾਹ ਅਤੇ ਉਸਦੇ ਸਾਥੀਆਂ ਦੇ ਖਿਲਾਫ ਧਾਰਮਿਕ ਪਵਨਵਾਂ ਨੂੰ ਠੇਸ ਪਹੁੰਚਾਣ ਅਤੇ ਬੇਅਦਬੀ ਦਾ ਮਾਮਲਾ ਦਰਜ ਕਰਕੇ ਸਖਤ ਸਜ਼ਾ ਕਰਵਾਈ ਜਾਵੇ। ਨਾਲ ਹੀ ਤਤਕਾਲ ਇਸ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਵਾਇਆ ਜਾਵੇ ਤਾਂ ਕਿ ਮਸੀਹ ਭਾਈਚਾਰੇ ਵਿੱਚ ਉੱਠੇ ਰੋਸ ਨੂੰ ਥੋੜਾ ਸ਼ਾਂਤ ਕੀਤਾ ਜਾ ਸਕੇ।